Thursday, November 26, 2009
ਸੌ ਫੁੱਲ ਖਿੜਨ ਦਿਓ ਤੇ ਹਜ਼ਾਰ ਵਿਚਾਰ ਭਿੜਨ ਦਿਓ
ਤੀਜੀ ਚੌਥੀ ਜਮਾਤ ਦੇ ਦਿਨ ਤੇ ਪਿੰਡ ਦੇ ਬਾਬਾ ਗਾਂਧਾ ਸਿੰਘ ਸਕੂਲ ਦੀਆਂ ਕੌੜੀਆਂ ਮਿੱਠੀਆਂ ਯਾਦਾਂ ਅਜੇ ਵੀ ਦਿਲ ‘ਤੇ ੳਕਰੀਆਂ ਹੋਈਆਂ ਨੇ,ਜਿੱਥੇ ਭੁਪਿੰਦਰ ਮੇਰਾ ਸੀਨੀਅਰ ਹੁੰਦਾ ਸੀ।ਉਸਤੋਂ ਬਾਅਦ ਬਾਸਕਟਬਾਲ ਬਾਲ ਦੇ ਗਰਾਉਂਡ ‘ਚ ਵੀ ਇਕੱਠੇ ਰਹੇ।ਫਾਸਲੇ ਦੇ ਤੌਰ ‘ਤੇ ਨੇੜੇ ਹੁੰਦੇ ਹੋਏ ਵੀ ਅਸੀਂ ਇਕ ਦੂਜੇ ਦੇ ਕੋਈ ਬਹੁਤੇ ਨੇੜੇ ਨਹੀਂ ਰਹੇ।ਪਰ ਜਿਵੇਂ ਵਿਚਾਰ ਦੀ ਸਮਾਜ ‘ਚ ਹਮੇਸ਼ਾ ਤੋਂ ਖਾਸ ਭੂਮਿਕਾ ਰਹੀ ਏ,ਉਸੇ ਤਰ੍ਹਾਂ ਵਿਚਾਰਾਂ ਦੀ ਸਾਂਝ ਕਾਰਨ ਮੈਂ ਤੇ ਉਹ ਸੱਤ ਸਮੁੰਦਰ ਪਾਰੋਂ ਵੀ ਜੁੜ ਗਏ।ਮੈਨੂੰ ਹਮੇਸ਼ਾਂ ਲਗਦਾ ਹੈ ਕਿ ਚੰਗੀਆਂ ਯਾਰੀਆਂ ਦੋਸਤੀਆਂ ਵਿਚਾਰਕ ਧਰਾਤਲ ਤੋਂ ਬਿਨਾਂ ਨਹੀਂ ਹੋ ਸਕਦੀਆਂ। ਚਾਹੇ ਉਹ ਵਿਚਾਰਕ ਸਾਂਝ ਯੂ.ਪੀ.ਏ ਸਰਕਾਰ ਦੇ "Common Minimum Programme" ਵਰਗੀ ਹੀ ਕਿਉਂ ਨਾ ਹੋਵੇ।ਗੁਲਾਮ ਕਲਮ ਨੂੰ ਪਹਿਲੀ ਰਚਨਾ ਭੇਜਣ ਲਈ ਭਪਿੰਦਰ ਗਿੱਲ ਦਾ ਬਹੁਤ ਬਹੁਤ ਧੰਨਵਾਦ।ਅਗਲੀ ਰਚਨਾ ਦੀ ਉਡੀਕ ਰਹੇਗੀ ਤੇ ਇਹ ਰਚਨਾ ਕੁਝ ਕਾਰਨਾਂ ਕਰਕੇ ਲੇਟ ਹੋ ਗਈ ਸੀ,ਇਸ ਦੀ ਪੂਰਨ "ਰਾਜਨੀਤਿਕ" ਜ਼ਿੰਮੇਂਵਾਰੀ ਸਾਡੇ ਭਰਾ ਹਰਪ੍ਰੀਤ ਰਠੌੜ ਨੇ ਲਈ ਹੈ।ਵੈਸੇ ਰਸਮੀ ਤੌਰ ‘ਤੇ ਅਸੀਂ ਖਿਮਾਂ ਦੇ ਜਾਚਕ ਵੀ ਹਾਂ।-ਯਾਦਵਿੰਦਰ ਕਰਫਿਊ
ਸੌ ਫੁੱਲ ਖਿੜਨ ਦਿਓ ਤੇ ਹਜ਼ਾਰ ਵਿਚਾਰ ਭਿੜਨ ਦਿਓ
ਭਾਰਤ ਦੇਸ਼ ਦੀ ਰਾਜਧਾਨੀ ‘ਚ ਪੜ੍ਹਦਿਆਂ, ਦਿੱਲੀ ਯੂਨਵਿਰਸਿਟੀ ਦੇ ਪ੍ਰੋਫੈਸਰ ਸਾਹਿਬ ਤੋਂ ਕਮਿਊਨਿਕੇਸਨ ਸਕਿਲਜ਼ ਬਾਰੇ ਪੜ੍ਹਨ-ਸਿੱਖਣ ਦਾ ਮੌਕਾ ਮਿਲਿਆ। ਉਹ ਕਹਿੰਦੇ ਸਨ ਕਿ ਧਰਤੀ ‘ਤੇ ਹਾਈਡ੍ਰੋਜਨ (ਪਾਣੀ) ਤੇ ਮੂਰਖ ਵਿਅਕਤੀ ਸੁਖਾਲੇ ਹੀ ਲੱਭ ਜਾਂਦੇ ਨੇ, ਇਸ ਗੱਲ ਨੂੰ ਬੀਤਿਆਂ 6-7 ਸਾਲ ਹੋ ਗਏ ਨੇ ਪਰ ਇਹਨਾਂ ਸਾਲਾਂ ‘ਚ ਕਈ ਅਜਿਹੀਆਂ ਉਦਾਹਰਨਾਂ ਮਿਲੀਆਂ ਜੋ ਪ੍ਰੋਫੈਸਰ ਸਾਹਿਬ ਦੇ ਇਸ ਕਥਨ ਨੂੰ ਸਹੀ ਸਾਬਿਤ ਕਰਦੀਆਂ ਹਨ। ਤਕਰੀਬਨ ਹਰ ਸਬੰਧਿਤ ਘਟਨਾ ‘ਚ ਮੂਰਖਤਾ ਦਾ ਤਾਜ ਪਹਿਣਨ ਵਾਲੇ ਵਿਅਕਤੀ ਪਿੱਛੇ ਉਸਦੀ ਕਮਜ਼ੋਰ ਮਾਨਸਿਕਤਾ ਕੰਮ ਕਰਦੀ ਹੈ ਅਤੇ ਦੂਜੀ ਧਿਰ ਦਾ ਤੇਜ਼ ਤੇ ਤੀਖਣ ਬੁੱਧੀ ਵਾਲਾ ਹੋਣਾ ਵੀ। ਪਰ ਤੁਹਾਨੂੰ ਕਈ ਪੜ੍ਹ ਲਿਖੇ ਮੂਰਖ ਵੀ ਮਿਲੇ ਹੋਣਗੇ ਜੋ ਆਪਣੇ ਨਾਲ ਡਿਗਰੀਆਂ ਦੀ ਪੰਡ ਚੁੱਕ ਕੇ ਵੀ ਰੂੜ੍ਹੀਵਾਦੀ ਤੇ ਪਿਛਾਂਹ ਖਿੱਚੂ ਵਿਚਾਰਦਾਰਾ ਦਾ ਝੋਲਾ (ਥੈਲਾ) ਨਾਲ ਹੀ ਰੱਖਦੇ ਨੇ। ਮੀਡੀਆ ਦਾ ਫਰਜ਼ ਬਣਦਾ ਹੈ ਕਿ ਉਹ ਜਨਤਾ-ਜਨਾਰਦਨ ਨੂੰ ਸੱਚ ਦੇ ਨੇੜੇ ਰੱਖੇ। ਕੁੱਝ ਇਹੋ ਜਿਹੇ ਕੰਮ ਸਮਾਜ ਵਿੱਚ ਬੁੱਧੀਜੀਵੀ (ਚਿੰਤਕ, ਲੇਖਕ) ਵੀ ਕਰਦੇ ਨੇ। ਹਾਲਾਂਕਿ ਇਹ ਵਰਗ ਆਮ ਲੋਕਾਂ ਤੱਕ ਮੁੱਖ ਧਾਰਾਈ ਮੀਡੀਆ ਜਿੰਨੀ ਪਹੁੰਚ ਨਹੀਂ ਰੱਖਦਾ ਤੇ ਨਾ ਹੀ ਉਨੀਂ ਤੇਜ਼ੀ ਨਾਲ ਉਨ੍ਹਾਂ ਦੀ ਮਾਨਸਿਕਤਾ ‘ਤੇ ਅਸਰ ਉਨੳਅਸਰ ਪਾਉਂਦਾ ਹੈ। ਅੱਜਕੱਲ ਪ੍ਰਿੰਟ ਮੀਡੀਆ ‘ਤੇ ਵੀ ਟੀ.ਵੀ. ਕਲਚਰ ਭਾਰੂ ਹੁੰਦਾ ਜਾ ਰਿਹਾ ਹੈ, ਅਖਬਾਰ ਪਿੰਡ ‘ਚ ਕੁੱਝ ਗਿਣੇ ਚੁਣੇ ਘਰਾਂ ‘ਚ ਹੀ ਪਹੁੰਚਦਾ ਹੈ ਪਰ ਡਿਸ਼ ਟੀ.ਵੀ. ਵਾਲੀ ‘ਛਤਰੀ’ ਹਰ ਘਰ ਦੀ ਛੱਤ ‘ਤੇ ਨਜ਼ਰ ਆਉਂਦੀ ਹੈ। ਟੀ.ਵੀ. ਲੋਕਾਂ ਨੂੰ ਆਪਣੇ ਨਾਲ ਜੋੜਨ ‘ਚ ਕਾਮਯਾਬ ਹੋਇਆ ਹੈ। ਇਸ ਦੀ ਪਹੁੰਚ ਸਮਾਜ ਦੇ ਹਰ ਵਰਗ ਤੱਕ ਤਾਂ ਹੈ ਹੀ ਪਰ ਅੱਖਰ ਗਿਆਨ ਤੋਂ ਹੀਣੇ ਲੋਕ ਵੀ ਇਸ ਨਾਲ ਘੰਟਿਆਂ ਬੱਧੀ ਬੰਨੇ ਜਾਂਦੇ ਨੇ।
ਇਸੇ ਮਾਧਿਅਮ ਦੀ ਵਰਤੋਂ ਫਤਿਹਗੜ੍ਹ ਸਾਹਿਬ ਸ਼ਹਿਰ ਦੇ ਨੇੜਲੇ ਪਿੰਡ ਖੰਟ ਮਾਨਪੁਰ ਦੇ ਤੇਜਿੰਦਰ ਸਿੰਘ ਮਾਨ ਉਰਫ ਬੱਬੂ ਮਾਨ ਨੇ ਬਾਬੇ ਨਾਨਕ ਦੀ ਜ਼ਿੰਦਗੀ ਸਬੰਧਿਤ ਗੀਤ
“ਇੱਕ ਬਾਬਾ ਨਾਨਕ ਸੀ, ਜੀਹਨੇ ਤੁਰ ਕੇ ਦੁਨੀਆ ਗਾਹਤੀ।
ਇੱਕ ਅੱਜ ਦੇ ਬਾਬੇ ਨੇ, ਬੱਤੀ ਲਾਲ ਗੱਡੀ ‘ਤੇ ਲਾਤੀ…”
ਨੂੰ ਕੈਸੇਟ ‘ਸਿੰਘ ਬੈਟਰ ਦੈਨ ਕਿੰਗ’ ਵਿੱਚ ਸ਼ਾਮਿਲ ਕਰਕੇ ਕੀਤੀ। ਜਿੱਥੇ ਇਹ ਗੀਤ ਪੰਜਾਬ ਦੇ ਸਾਰੇ ਪਿੰਡਾਂ ਤੇ ਸ਼ਹਿਰਾਂ ਤੱਕ ਅਤੇ ਭਾਰਤ ਦੇ ਹਰ ਕੋਨੇ ‘ਚ ਪਹੁੰਚਿਆ। ਉਸ ਦੇ ਨਾਲ-ਨਾਲ ਗਲੋਬਲ ਪਿੰਡ ਦੇ ਸਾਰੇ ਦੇਸ਼ਾਂ, ਜਿੱਥੇ ਪੰਜਾਬੀ, ਬੋਲੀ ਅਤੇ ਪੜ੍ਹੀ ਜਾਂਦੀ ਹੈ ਵਿੱਚ ਟੀ.ਵੀ. ਤੇ ਇੰਟਰਨੈੱਟ ਰਾਹੀਂ ਆਪਣੀ ਦਸਤਕ ਦਿੱਤੀ। ਇਸ ਗੀਤ ਵਿੱਚ ਸਿੱਖਾਂ ਦੇ ਪਹਿਲੇ ਗੁਰੂ ਤੇ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਵੱਲੋਂ ਆਪਣੀ ਜ਼ਿੰਦਗੀ ਦੇ ਤਕਰੀਬਨ 22 ਸਾਲਾਂ 'ਚ ਕੀਤੀਆਂ ਉਦਾਸੀਆਂ ਦਾ ਜ਼ਿਕਰ ਕੀਤਾ ਗਿਆ ਹੈ।ਇਤਿਹਾਸ ਦੇ ਵਰਕੇ ਫਰੋਲੀਏ ਤਾਂ ਗੁਰੂ ਨਾਨਕ ਜੀ ਦੀਆਂ ਇਨ੍ਹਾਂ ਉਦਾਸੀਆਂ ਵਿੱਚ ਕਦੇ ਕਿਸੇ ਆਵਾਜਾਈ ਦੇ ਸਾਧਨਾਂ ਦਾ ਕੋਈ ਜ਼ਿਕਰ ਨਹੀਂ ਆਉਂਦਾ। 15ਵੀਂ ਸਦੀ ਘੋੜੇ, ਰੱਖ ਤੇ ਪਾਲਕੀਆਂ ਦਾ ਜ਼ਮਾਨਾ ਸੀ, ਪਰ ਉਨ੍ਹਾਂ ਵੱਲੋਂ ਸਾਰੀਆਂ ਉਦਾਸੀਆਂ ਪੈਦਲ ਹੀ ਕੀਤੀਆਂ ਗਈਆਂ।ਗੀਤ ਦੇ ਅਗਲੇ ਅੰਤਰੇ 'ਚ ਮੌਜੂਦਾ ਧਰਮ ਪ੍ਰਚਾਰਕਾਂ ਦੀ ਗੱਲ ਕੀਤੀ ਗਈ ਹੈ। ਜਿਸ ਵਿੱਚ ਧਰਮ ਪ੍ਰਚਾਰਕਾਂ ਵੱਲੋਂ ਆਪਣੀਆਂ ਮਹਿੰਗੀਆਂ ਗੱਡੀਆਂ ਤੇ ਲਾਲ ਬੱਤੀ ਦੀ ਗੱਲ ਕੀਤੀ ਹੈ।ਜਿਸ ਦੇ ਵਿਰੋਧ ਵਿੱਚ ਧਾਰਮਿਕ ਹਲਕਿਆਂ 'ਚ ਰੋਸ ਹੈ। ਰੋਸ ਹੈ ਕਿ ਗੈਰ ਪੂਰਨ ਸਿੱਖ ਵੱਲੋਂ ਪ੍ਰਚਾਰ ਕਰਨ ਅਤੇ ਕਾਰ ਸੇਵਾ ਵਾਲਿਆਂ 'ਤੇ ਸ਼ਬਦੀ ਵਾਰ ਕੀਤਾ ਗਿਆ ਹੈ ਤੇ ਇਹ ਰੋਸ ਇੰਟਰਨੈੱਟ ਤੇ ਟੀ.ਵੀ. ਰਾਹੀਂ ਜ਼ਾਹਿਰ ਕੀਤਾ ਗਿਆ ਹੈ।
ਵਿਰੋਧ ਕਰਨ ਵਾਲਿਆਂ 'ਚੋਂ ਸੱਭ ਤੋਂ ਪਹਿਲਾ ਨਾਂਅ ਸਧਾਰਨ ਕਿਸਾਨ ਪਰਿਵਾਰ ਵਿੱਚ ਜਨਮੇ, ਪੰਜਾਬ ਦੇ ਸੱਭ ਤੋਂ ਵੱਡੇ ਪਿੰਡ ਲੌਂਗੋਵਾਲ ਦੇ ਨੇੜਲੇ ਪਿੰਡ ਢੱਡਰੀਆਂ ਦੇ ਰਣਜੀਤ ਸਿੰਘ ਢੱਡਰੀਆਂਵਾਲੇ ਦਾ ਆਉਂਦਾ ਹੈ।ਇਨ੍ਹਾਂ ਦਾ ਇਤਰਾਜ਼ ਹੈ ਕਿ ਗੈਰ ਅੰਮ੍ਰਿਤਧਾਰੀ ਇਹ ਸਵਾਲ ਨਹੀਂ ਪੁੱਛ ਸਕਦਾ।ਸਿੱਖ ਇਤਿਹਾਸ ਉਨ੍ਹਾਂ ਲੋਕਾਂ ਦੀਆਂ ਉਦਾਹਰਨਾਂ ਨਾਲ ਭਰਿਆ ਪਿਆ ਹੈ ਜਿਨ੍ਹਾਂ ਨੇ ਸਮੇਂ ਦੀਆਂ ਸ਼ਕਤੀਆਂ ਦੇ ਗਲਤ ਢੰਗ ਤਰੀਕਿਆਂ ਉੱਤੇ ਹਮੇਸ਼ਾਂ ਹੀ ਕਟਾਕਸ਼ ਕੀਤਾ ਹੈ।ਸੋ ਇਤਰਾਜ਼ ਕਰਨ ਵਾਲੇ ਗੀਤ ਦੇ ਬੋਲਾਂ ਨੂੰ ਸਮਝਣ ਦੀ ਲੋੜ ਹੈ, ਜੋ ਸਿਰਫ ਲਾਲ ਬੱਤੀ ਨੂੰ ਹੀ ਨਹੀਂ ਪੂਰੇ ਸਿਸਟਮ ਨੂੰ ਉਜਾਗਰ ਕਰਦਾ ਹੈ, ਅੱਜਕੱਲ ਦੇ ਪ੍ਰਚਾਰਕਾਂ ਦੇ ਜੀਵਨ ਢੰਗ ਨੂੰ ਦਰਸਾਉਂਦਾ ਹੈ ਕਿ ਕਿਵੇਂ ਉਹ ਆਮ ਜਨਤਾ ਤੋਂ ਦੂਰ ਜਾਂ ਵੱਖ ਰਹਿੰਦੇ ਨੇ। ਜੇ ਤੁਹਾਨੂੰ ਸੰਗਰੂਰ ਤੇ ਪਟਿਆਲੇ ਸ਼ਹਿਰਾਂ ਵਿੱਚ ਸਫਰ ਕਰਨ ਦਾ ਮੌਕਾ ਮਿਲਿਆ ਤਾਂ ਤੁਹਾਡਾ ਧਿਆਨ ਆਰਮੀ ਸ਼ੂਟਿੰਗ ਰੇਂਜ ਨੇੜੇ ਵਿਸ਼ਾਲ ਬਿਲਡਿੰਗ ਵਾਲੇ ਗੁਰਦੁਆਰਾ ਸਾਹਿਬ ਪ੍ਰਮੇਸ਼ਰ ਦੁਆਰ ਤੇ ਉਸਦੇ ਨਾਲ ਬਣੀ ਕੋਠੀ (ਰਿਹਾਇਸ਼) ਤੇ ਵੀ ਪਵੇਗਾ, ਜੋ ਤੁਹਾਨੂੰ ਇਸ ਕਹਾਣੀ ਨੂੰ ਸਮਝਣ ‘ਚ ਮਦਦ ਕਰੇਗਾ। 50ਹਾਰਸ ਪਾਵਰ ਵਾਲਾ ਟ੍ਰੈਕਟਰ, ਵਿਦੇਸ਼ੀ ਕਾਰਾਂ ਇਸ ਡੇਰੇ ਦੀ ਸੋਭਾ ਵਾਧਾਉਂਦੀਆਂ ਨੇ। ਇੱਕ ਬੇਰੋਜ਼ਗਾਰ ਨੌਜਵਾਨ ਜੋ ਸ਼ਹਿਰ ਪਟਿਆਲੇ ਕਿਸੇ ਨੌਕਰੀ ਦੇ ਟੈਸਟ ਤੋਂ ਨਿਰਾਸ਼ ਹੋ ਕੇ ਪਿੰਡ ਪਰਤ ਰਿਹਾ ਹੋਵੇਗਾ, ਜਿਸਦੀ ਜੇਬ ਵਿੱਚ ਸਿਰਫ ਆਪਣੇ ਪਿੰਡ ਮੁੜਨ ਲਈ ਹੀ ਬੱਸ ਦਾ ਕਿਰਾਇਆ ਹੈ। ਉਹ ਇਸ ਡੇਰੇ ਨੂੰ ਵੇਖਕੇ ਕੀ-ਕੀ ਸੋਚੇਗਾ ਇਹ ਇੱਕ ਸਧਾਰਨ ਪਰਿਵਾਰ ਦਾ ਜੀਅ ਹੀ ਸਮਝ ਸਕਦਾ ਹੈ।
ਸਿੱਖ ਪੰਥ ਪਾਕਿਸਤਾਨ ਵਿਚਲੇ ਗੁਰੁਆਰੇ ਕਰਤਾਰਪੁਰ ਸਾਹਿਬ ਲਈ ਬਾਰਡਰ ਖੋਲ੍ਹਣ ਦਾ ਚਾਹਵਾਨ ਹੈ। ਜਿੱਥੇ ਗੁਰੁ ਨਾਨਕ ਦੇਵ ਜੀ ਨੇ ਆਪਣੀ ਉਮਰ ਦੇ 65ਵੇਂ ਸਾਲਾਂ ਵਿੱਚ ਖੇਤੀ ਕੀਤੀ ਸੀ। ਪਰ ਅੱਜ ਦੇ ਜ਼ਮਾਨੇ ‘ਚ ਕਿਸੇ ਪ੍ਰਚਾਰਕ ਵੱਲੋਂ ਖੇਤੀ ਕਰਨ ਦੀ ਗੱਲ ਨੂੰ ਅਚੰਭਾ ਹੀ ਕਿਹਾ ਜਾ ਸਕਦਾ ਹੈ। ਜੋ ਸਿੱਖ ਧਰਮ ਦੇ 3 ਮੁੱਢਲੇ ਅਸੂਲ (1) ਕਿਰਤ ਕਰੋ (2) ਵੰਡ ਕੇ ਛਕੋ (3) ਨਾਮ ਜਪੋ, ਨੂੰ ਅਣਗੌਲਿਆ ਹੀ ਕਰਦਾ ਹੈ।
ਇਤਰਾਜ਼ ਕਰਨਵਾਲਿਆਂ ਵਿੱਚ ਦੂਜਾ ਨੰਬਰ ਆਉਂਦਾ ਹੈ ਢਾਡੀ ਤਰਸੇਮ ਸਿੰਘ ਮੋਰਾਂਵਾਲੀ ਦਾ।ਗੀਤ,ਕਵਿਸ਼ਰੀ ਜਾਂ ਵਾਰ ਸਮੇਂ ਦੀ ਸਥਿਤੀ ਦਾ ਦਰਪਨ ਹੁੰਦਾ ਹੈ। ਢਾਡੀ ਸਿੰਘਾਂ ਵੱਲੋਂ ਸਿੱਖ ਧਰਮ ਦੇ ਇਤਿਹਾਸ ਨਾਲ ਸਬੰਧਿਤ ਵਾਰਾਂ ਦਾ ਗਾਇਨ ਹੁੰਦਾ ਹੈ, ਜੋ ਸਮੇਂ ਦੀਆਂ ਸਰਕਾਰਾਂ ਤੇ ਅਣਮਨੁੱਖੀ ਸ਼ਕਤੀਆਂ ਦੇ ਜ਼ਬਰ ਅਤੇ ਵਿਰੋਧ ਨੂੰ ਦਰਸਾਉਂਦੀਆਂ ਨੇ। ਕੁੱਝ ਅਜਿਹਾ ਹੀ ਇਸ ਗੀਤ ਰਾਹੀਂ ਸਮੇਂ ਦੇ ਪ੍ਰਚਾਰਕਾਂ ਦੇ ਲਾਇਫ ਸਟਾਇਲ ਨੂੰ ਉਜਾਗਰ ਕਰਦਾ ਹੈ।
ਵਿਚਾਰਾਂ ਦੀ ਇਸ ਲੜਾਈ ‘ਚ ਮਹਿੰਗੀਆਂ ਗੱਡੀਆਂ ਤੇ ਲਾਲ ਬੱਤੀ ਦੀ ਗੱਲ ਨੂੰ ਹੀ ਮੁੱਦਾ ਬਣਾਇਆ ਜਾ ਰਿਹਾ ਹੈ। ਪਰ ਗੀਤ ਦੇ ਅਸਲ ਪਹਿਲੂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਜਦੋਂ ਕਿਸੇ ਸਥਿਤਿ ਵਿੱਚ ‘ਹਜ਼ਾਰ’ ਵਿਚਾਰ ਭਿੜਨੇ ਹਨ ਤਾਂ ਗਿਆਨ ਦੇ ਸੌ ਫੁੱਲ ਵੀ ਖਿੜਨੇ ਹਨ। ਲੜਾਈ ਸਾਰੀ ਵਿਚਾਰਾਂ ਦੀ ਹੈ, ਟਕਰਾਅ ਸੋਚ ਦਾ ਹੈ।
ਲੇਖ ਦੇ ਸ਼ੁਰੂ ਵਿੱਚ ਪ੍ਰੋਫੈਸਰ ਸਾਹਿਬ ਦੇ ਕਥਨ ਨੁੰ ਝੂਠਾ ਕਰਨ ਲਈ ਸਮਾਜ ਵਿੱਚ ਸੱਚ ਬੋਲਣ ਵਾਲਿਆਂ ਦੀ ਅਜੇ ਹੋਰ ਲੋੜ ਹੈ। ਹਾਈਡ੍ਰੋਜਨ ਤਾਂ ਕੁਦਰਤ ਵਿੱਚ ਮੌਜੂਦ ਹੀ ਰਹੇਗੀ ਪਰ ਦੂਜੇ ਵਰਗ ਨੂੰ ਘਟਾਉਣ ਲਈ ਤੁਹਾਡੇ ਸੱਭ ਦੇ ਸਹਿਯੋਗ ਦੀ ਲੋੜ ਹੈ।
Special Thankx..
ghulamkalam.blogspot.com &
dastak.ca
..
ਭੁਪਿੰਦਰ ਗਿੱਲ
780-239-8600
bps_gill22@yahoo.ca
Subscribe to:
Posts (Atom)